
ਜਲੰਧਰ/ ਹੁਸ਼ਿਆਰਪੁਰ (ਹਿਤੇਸ਼ ਸੂਰੀ) : ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਹਰ ਪਿੰਡ ਵਿੱਚ ਸਾਫ਼ ਅਤੇ ਪੀਣ ਯੋਗ ਪਾਣੀ ਦੀ ਉਪਲਬੱਧਤਾ ਲਈ ‘ਵਿਲੇਜ ਐਕਸ਼ਨ ਪਲਾਨ’ ਤਹਿਤ ਵਿਉਂਤਬੰਦੀ ਉਲੀਕੀ ਜਾ ਚੁੱਕੀ ਹੈ, ਜਿਸਨੂੰ ਮੁਕੰਮਲ ਕਰਨ ਲਈ ਦੋ ਮਹੀਨਿਆਂ ਦਾ ਟੀਚਾ ਰੱਖਿਆ ਗਿਆ ਹੈ । ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ‘ਵਿਲੇਜ ਐਕਸ਼ਨ ਪਲਾਨ’ ਤਹਿਤ ਸਾਰੇ 12000 ਪਿੰਡਾਂ ਵਿੱਚ ਵੱਖ-ਵੱਖ ਕੰਮਾਂ ਨੂੰ ਤਰਜੀਹ ਦੇ ਕੇ 100 ਫੀਸਦੀ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ, ਪਿੰਡਾਂ ਦੀਆਂ ਨਵੀਆਂ ਬਸਤੀਆਂ/ਅਬਾਦੀਆਂ ਵਿੱਚ ਪਾਈਪਾਂ ਵਿਛਾਉਣਾ, ਪੀਣ ਵਾਲੇ ਪਾਣੀ ਦੇ ਸੋਮਿਆਂ ਨੂੰ ਹੋਰ ਮਜ਼ਬੂਤ ਕਰਨਾ, ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਆਦਿ ਮੁੱਖ ਤੌਰ ’ਤੇ ਸ਼ਾਮਿਲ ਹੈ । ਉਹਨਾਂ ਨੇ ਦੱਸਿਆ ਕਿ ਦੋ ਮਹੀਨਿਆਂ ਵਿੱਚ ਟੀਚਾ ਹਾਸਿਲ ਕਰਨ ਲਈ ਉਪ-ਮੰਡਲ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਵਲੋਂ ਰੋਜ਼ਾਨਾ ਮੋਨੀਟਰਿੰਗ ਤਹਿਤ 700 ਤੋਂ ਵੱਧ ਇੰਜੀਨੀਅਰਾਂ ਅਤੇ ਸੋਸ਼ਲ ਫੀਲਡ ਸਟਾਫ਼ ਨੂੰ ਵਿਸ਼ਾ ਮਾਹਿਰਾਂ ਵਲੋਂ ਜ਼ਿੱਲ੍ਹਾਵਾਰ ਟਰੇਨਿੰਗਾਂ ਦਿੱਤੀਆਂ ਜਾ ਚੁੱਕੀਆਂ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਟਰੇਨਿੰਗਾਂ ਦਾ ਇਕ ਨੁਕਾਤੀ ਮੰਤਵ ਸਟਾਫ਼ ਵਲੋਂ ਸੰਪਰਕ ਅਭਿਆਨ ਚਲਾ ਕੇ ‘ਵਿਲੇਜ ਐਕਸ਼ਨ ਪਲਾਨ’ ਦੇ ਟੀਚੇ ਨੂੰ ਪੂਰਾ ਕਰਨਾ ਹੈ । ਸ਼੍ਰੀ ਜਿੰਪਾ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਤਹਿਤ ਪੰਜਾਬ ਦੇ ਪਿੰਡਾਂ ਦੇ ਸਾਰੇ ਘਰਾਂ ਅਤੇ ਸਾਂਝੀਆਂ ਥਾਵਾਂ ਉੱਤੇ ਟੂਟੀਆਂ ਰਾਹੀਂ ਸਾਫ਼ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਜਾ ਚੁੱਕੇ ਹਨ । ਉਹਨਾਂ ਨੇ ਕਿਹਾ ਕਿ ਪਿੰਡਾਂ ਦੀਆਂ ਜਰੂਰਤਾਂ ਨੂੰ ਆਉਣ ਵਾਲੇ ਸਮੇਂ ਵਿੱਚ ਤਰਤੀਬ ਅਨੁਸਾਰ ਲਾਗੂ ਕਰਦਿਆਂ ਪਿੰਡਾਂ ਅਤੇ ਪਿੰਡਾਂ ਦੇ ਵਸਨੀਕਾਂ ਦੀਆਂ ਪੀਣ ਵਾਲੇ ਪਾਣੀ ਦੀਆਂ ਮੌਜੂਦਾ ਅਤੇ ਭਵਿੱਖੀ ਲੋੜਾਂ ਦੇ ਮੱਦੇਨਜ਼ਰ ਪਾਣੀ ਦੇ ਸਰੋਤ ਦੀ ਸਥਿਰਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪਲਾਨ ਅਨੁਸਾਰ ਪਿੰਡ ਵਾਸੀਆਂ ਲਈ ਜਲ ਸਪਲਾਈ ਸਕੀਮਾਂ ਵਿੱਚ ਸੁਧਾਰ, ਜਲ ਸਪਲਾਈ ਦੇ ਮੌਜੂਦਾ ਸਮੇਂ ਵਿੱਚ ਵਾਧਾ ਅਤੇ ਗੁਣਵੱਤਾ ਵਿੱਚ ਹੋਰ ਸੁਧਾਰ ਆਵੇਗਾ । ਸ਼੍ਰੀ ਜਿੰਪਾ ਨੇ ਦੱਸਿਆ ਕਿ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ.ਤਿਵਾੜੀ ਦੀ ਅਗਵਾਈ ਵਿੱਚ ਵਿਭਾਗ ਦੇ ਤਕਨੀਕੀ ਅਤੇ ਸੋਸ਼ਲ ਅਧਿਕਾਰੀਆਂ ਵਲੋਂ ਜੰਗੀ ਪੱਧਰ ’ਤੇ ਮਿੱਥੇ ਸਮੇਂ ਵਿੱਚ ਟੀਚੇ ਦੀ ਪ੍ਰਾਪਤੀ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਾਫ਼ ਤੇ ਪੀਣ ਯੋਗ ਪਾਣੀ ਨੂੰ ਘਰ-ਘਰ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਗਰਾਮ ਸਭਾ ਦੇ ਇਜਲਾਸ ਰਾਹੀਂ ਵਿਉਂਤਬੰਦੀ ਜਾਰੀ ਹੈ ਤਾਂ ਜੋ ਹਰ ਇਕ ਘਰ ਵਿੱਚ ਟੂਟੀ ਰਾਹੀਂ ਪਾਣੀ ਦੇ ਕੁਨੈਕਸ਼ਨ ਦੇ ਨਾਲ-ਨਾਲ ਪਿੰਡ ਦੇ ਹਰ ਘਰ ਵਿੱਚ ਸਾਫ਼ ਪਾਣੀ ਦਾ ਪ੍ਰਬੰਧ ਕਰਨਾ ਯਕੀਨੀ ਕੀਤਾ ਜਾ ਸਕੇ।