ਬਰਨਾਲਾ (ਬਿਉਰੋ) : ਬਰਨਾਲਾ ਦੇ ਕਸਬਾ ਪੱਖੋਂ ਕੈਂਚੀਆਂ ਵਿਖੇ ਸੜਕ ਹਾਦਸੇ ਵਿੱਚ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਸ਼ਹਿਬਾਜ਼ ਧੂਰਕੋਟ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਬਾਜ਼ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪੱਖੋ ਕੈਂਚੀਆਂ ਵਾਲੀ ਸਾਈਡ ਤੋਂ ਬਰਨਾਲਾ ਨੂੰ ਆ ਰਿਹਾ ਸੀ। ਜਦੋਂ ਉਹ ਪਿੰਡ ਜਗਜੀਤਪੁਰਾ ਵਾਲੀ ਡਰੇਨ ਦੇ ਨੇੜੇ ਪਹੁੰਚਿਆ ਤਾਂ ਬਰਨਾਲਾ ਵਾਲੇ ਪਾਸਿਓਂ ਇਕ ਪ੍ਰਾਈਵੇਟ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਗੀਤਕਾਰ ਸ਼ਹਿਬਾਜ਼ ਦੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਐਂਬੂਲੈਂਸ ਰਾਹੀਂ ਲਿਜਾਇਆ ਗਿਆ।
ਇਸ ਘਟਨਾ ਸਬੰਧੀ ਥਾਣਾ ਸ਼ਹਿਣਾ ਦੇ ਐਸਐਚਓ ਨਰਦੇਵ ਸਿੰਘ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਪਰਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦੱਸ ਦਈਏ ਕਿ ਪੰਜਾਬੀ ਗਾਇਕ ਨਛੱਤਰ ਗਿੱਲ ਵਲੋਂ ਗਾਇਆ ਗੀਤ “ਨੈਣ ਨੈਣਾਂ ਨਾਲ ਮਿਲਾ ਲਈ ਭੇਦ ਖੁੱਲ੍ਹ ਜਾਵੇਗਾ ਸਾਰਾ” ਸਭ ਤੋਂ ਹਿੱਟ ਰਿਹਾ ਸੀ। ਜ਼ਿਕਰਯੋਗ ਹੈ ਕਿ ਸ਼ਹਿਬਾਜ਼ ਧੂਰਕੋਟ ਇਕ ਨਾਮੀ ਪੰਜਾਬੀ ਗੀਤਕਾਰ ਸਨ, ਜੋ ਮੋਗਾ ਜ਼ਿਲ੍ਹੇ ਦੇ ਪਿੰਡ ਧੂਰਕੋਟ ਦਾ ਰਹਿਣ ਵਾਲਾ ਸੀ। ਉਹਨਾਂ ਦੇ ਭਰਾ ਗੁਰਨਾਮ ਗਾਮਾ ਵੀ ਇੱਕ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਸਨ, ਜਿਨ੍ਹਾਂ ਦੀ ਕੁਝ ਸਮਾਂ ਪਹਿਲਾਂ ਨਾਮੁਰਾਦ ਬਿਮਾਰੀ ਕਾਰਨ ਮੌਤ ਹੋ ਗਈ ਸੀ। ਅੱਜ ਸ਼ਹਿਬਾਜ਼ ਦੀ ਮੌਤ ਸਬੰਧੀ ਪਤਾ ਲੱਗਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਸ ਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।