ਬਾਘਾਪੁਰਾਣਾ (ਪੱਤਰ ਪ੍ਰੇਰਕ) : ਕਿਰਤੀ ਕਿਸਾਨ ਯੂਨੀਅਨ ਪਿੰਡ ਰਾਜਿਆਣਾ ਵਿੱਘਾ ਹਵੇਲੀ ਪੱਤੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਮਜ਼ਬੂਤੀ ਲਈ 41 ਵਾਂ ਜੱਥਾ ਦਿੱਲੀ ਮੋਰਚੇ ਨੂੰ ਰਵਾਨਾ ਕੀਤਾ ਗਿਆ। ਇਹ ਜਾਣਕਾਰੀ ਬਲਾਕ ਸਕੱਤਰ ਬਾਘਾਪੁਰਾਣਾ ਅਤੇ ਇਕਾਈ ਪ੍ਰਧਾਨ ਜਸਮੇਲ ਸਿੰਘ ਰਾਜਿਆਣਾ ਨੇ ਦਿੱਤੀ।
ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਜਸਮੇਲ ਸਿੰਘ ਨੇ ਕਿਹਾ ਕਿ ਝੋਨੇ ਦਾ ਸੀਜਨ ਸੁਰੂ ਹੋ ਚੁੱਕਿਆ ਹੈ ਤੇ ਜੋ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸੁਰੂ ਹੋਣੀ ਸੀ ਉਹ ਕੇਂਦਰ ਸਰਕਾਰ ਨੇ 11 ਤਰੀਕ ਕਰ ਦਿੱਤੀ ਹੈ।ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ ਮੁਲਤਵੀ ਕਰ ਕੇ ਇਕ ਤਰਾਂ ਨਾਲ ਪੰਜਾਬ ਦੇ ਕਿਸਾਨਾਂ ਨੂੰ ਧਮਕੀ ਦਿੱਤੀ ਹੈ,ਤੇ ਕਿਸਾਨ ਮੋਰਚੇ ਨੂੰ ਕਮਜ਼ੋਰ ਕਰਨ ਲਈ ਇਹ ਕਦਮ ਚੁੱਕਿਆ ਹੈ ਤਾਂ ਜੋ ਕਿਸਾਨਾਂ ਨੂੰ ਸੱਤਾ ਦੀ ਤਾਕਤ ਦਿਖਾਈ ਜਾ ਸਕੇ। ਜੋ ਕੇਂਦਰ ਸਰਕਾਰ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਵਧਾ ਕੇ ਲੋਕ ਅੰਦੋਲਨ ਨੂੰ ਢਾਹ ਲਾਉਣ ਦਾ ਭਰਮ ਪਾਲ ਰਹੀ ਹੈ ਉਹ ਕਿਸਾਨ ਜੱਥੇਬੰਦੀਆ ਹਰਗਿੱਜ ਬਰਦਾਸ਼ਤ ਨਹੀ ਕਰਨਗੀਆ, ਅਤੇ ਕਿਸੇ ਵੀ ਕਿਸਾਨ ਨੂੰ ਮੰਡੀਆਂ ਵਿੱਚ ਰੁਲਣ ਨਹੀ ਦਿੱਤਾ ਜਾਵੇਗਾ। ਬਲਾਕ ਸਕੱਤਰ ਜਸਮੇਲ ਸਿੰਘ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਤੇ ਸੰਯੁਕਤ ਮੋਰਚੇ ਦੀ ਮਜ਼ਬੂਤੀ ਲਈ ਵੱਧ ਚੜ੍ਹ ਕੇ ਸਮੂਲੀਅਤ ਕਰਨ ਲਈ ਵੀ ਅਪੀਲ ਕੀਤੀ, ਅਤੇ ਕਿਸਾਨਾਂ ਨੂੰ ਕਿਹਾ ਕਿ ਕੋਈ ਵੀ ਕਿਸਾਨ ਫਰਦ (ਜਮਾਂਬੰਦੀ) ਕਿਸੇ ਕੋਲ ਵੀ ਨਾ ਦੇਵੇ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਵੱਲੋਂ ਪੁਲਿਸ ਸੁਰੱਖਿਆ ਲੈਣ ਤੋਂ ਇਨਕਾਰ ਕਰ ਦੇਣ ਤੇ ਵੀ ਕਿਰਤੀ ਕਿਸਾਨ ਯੂਨੀਅਨ ਰਾਜਿਆਣਾ ਦੇ ਇਕਾਈ ਆਗੂਆ ਵੱਲੋਂ ਸਲਾਘਾ ਕੀਤੀ ਹੈ, ਅਤੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੇ ਬਿਆਨ ਆਗੂਆ ਦੀ ਢਾਲ ਕਿਸਾਨ ਹੀ ਬਣਨਗੇ ਦੀ ਵੀ ਪ੍ਰਸ਼ੰਸਾ ਕੀਤੀ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਰਾਜਿਆਣਾ ਇਕਾਈ ਸਕੱਤਰ ਕੁਲਵੰਤ ਸਿੰਘ, ਪ੍ਰੈੱਸ ਸਕੱਤਰ ਜੱਗਾ ਸਿੰਘ, ਖਜ਼ਾਨਚੀ ਨੈਬ ਖਾਨ, ਸਲਾਹਕਾਰ ਗੁਰਸੇਵਕ ਸਿੰਘ, ਮੱਖਣ ਸਿੰਘ,ਬਲਦੇਵ ਸਿੰਘ, ਮੁਕੰਦ ਸਿੰਘ, ਜੀਤਾ ਸਿੰਘ, ਦੀਪੂ,ਹੀਪਾ,ਕੁਲਦੀਪ ਸਿੰਘ, ਹਰਬੰਸ ਸਿੰਘ ਸੂਬੇਦਾਰ ਆਦਿ ਕਿਸਾਨ ਹਾਜ਼ਰ ਹੋਏ।