38ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ : ਭਾਰਤੀ ਰੇਲਵੇ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ 3-1 ਨਾਲ ਹਰਾ ਕੇ ਖਿਤਾਬ ਕੀਤਾ ਆਪਣੇ ਨਾਂਅ
ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕੈਬਿਨੇਟ ਮੰਤਰੀ ਪਰਗਟ ਸਿੰਘ ਨੇ ਖੇਡ ਭਾਵਨਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
ਮੈਚ ਦੌਰਾਨ ਚੰਨੀ ਬਣੇ ਗੋਲਕੀਪਰ ਤੇ ਪਰਗਟ ਸਿੰਘ ਬਣੇ ਹਿੱਟਰ
ਦੇਖੋਂ ਕੀ ਰਿਹਾ ਅੱਜ ਦੇ ਮੈਚਾਂ ਦੇ ਆਂਕੜਾ ਅਤੇ ਜੇਤੂ ਟੀਮ ਤੇ ਉਪ ਜੇਤੂ ਟੀਮ ਨੂੰ ਕੀ ਮਿਲਿਆ ਇਨਾਮ
ਜਲੰਧਰ ਕੈਂਟ ਦੇ ਕਟੋਚ ਐਸਟਰੋਟਰਫ ਹਾਕੀ ਸਟੇਡੀਅਮ ਵਿਖੇ ਸਪੰਨ ਹੋਏ ਉਕਤ ਟੂਰਨਾਮੈਂਟ ਦੀ ਜੇਤੂ ਟੀਮ ਨੂੰ 5 ਲੱਖ ਰੁਪਏ ਨਕਦ ਅਤੇ ਟਰਾਫੀ ਅਤੇ ਉਪ ਜੇਤੂ ਟੀਮ ਨੂੰ 2 ਲੱਖ ਰੁਪਏ ਨਕਦ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।
ਜਲੰਧਰ (ਪ੍ਰੋਫੈਸਰ ਮਨਜੀਤ ਸਿੰਘ ਢੱਲ) : ਭਾਰਤੀ ਰੇਲਵੇ ਦਿੱਲੀ ਨੇ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ 3-1 ਦੇ ਫਰਕ ਨਾਲ ਹਰਾ ਕੇ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕੀਤਾ। ਜਲੰਧਰ ਕੈਂਟ ਦੇ ਕਟੋਚ ਐਸਟਰੋਟਰਫ ਹਾਕੀ ਸਟੇਡੀਅਮ ਵਿਖੇ ਸਪੰਨ ਹੋਏ ਉਕਤ ਟੂਰਨਾਮੈਂਟ ਦੀ ਜੇਤੂ ਟੀਮ ਨੂੰ 5 ਲੱਖ ਰੁਪਏ ਨਕਦ ਅਤੇ ਟਰਾਫੀ ਅਤੇ ਉਪ ਜੇਤੂ ਟੀਮ ਨੂੰ 2 ਲੱਖ ਰੁਪਏ ਨਕਦ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਫਾਇਨਲ ਮੈਚ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਸਿੱਖਿਆ, ਖੇਡ ਤੇ ਐਨਆਰਆਈ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ ਨੇ ਕੀਤੀ। ਭਾਰਤੀ ਰੇਲਵੇ ਦੇ ਪ੍ਰਦੀਪ ਸਿੰਘ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ ਉਸ ਨੂੰ 51000 ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਸੁਰਜੀਤ ਹਾਕੀ ਸੋਸਾਇਟੀ ਦੇ ਸਾਰੇ ਮੈਂਬਰਾਂ ਨੇ ਮੁੱਖ ਮੰਤਰੀ ਚੰਨੀ ਦਾ ਸ਼ਾਨਦਾਰ ਸਵਾਗਤ ਕੀਤਾ। ਗਾਖਲ ਭਰਾਵਾਂ ਵਲੋਂ ਭਾਰਤੀ ਹਾਕੀ ਟੀਮਾਂ (ਮਰਦ ਅਤੇ ਔਰਤਾਂ) ਨੂੰ 11 ਲੱਖ ਦਾ ਇਨਾਮ ਦਿੱਤਾ। ਦੱਸ ਦੇਈਏ ਕਿ ਸ਼੍ਰੀ ਚੰਨੀ ਨੇ ਸੁਰਜੀਤ ਹਾਕੀ ਸੋਸਾਇਟੀ ਨੂੰ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਫਾਇਨਲ ਮੈਚ ਬਹੁਤ ਤੇਜ਼ ਗਤੀ ਨਾਲ ਖੇਡਿਆ ਗਿਆ। ਖੇਡ ਦੇ ਪਹਿਲੇ ਕਵਾਰਟਰ ਦੇ 14ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਅਜਮੇਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਖਾਤਾ ਖੋਲ੍ਹਿਆ। ਅਗਲੇ ਹੀ ਮਿੰਟ ਪੰਜਾਬ ਐਂਡ ਸਿੰਧ ਬੈਂਕ ਦੇ ਮਨਿੰਦਰਜੀਤ ਸਿੰਘ ਨੇ ਸਤਬੀਰ ਸਿੰਘ ਦੇ ਪਾਸ ਤੇ ਮੈਦਾਨੀ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ 30ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਪ੍ਰਦੀਪ ਸਿੰਘ ਨੇ ਦੂਜੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 2-1 ਕੀਤਾ। ਖੇਡ ਦੇ ਆਖਰੀ ਮਿੰਟ ਵਿੱਚ ਭਾਰਤੀ ਰੇਲਵੇ ਦੇ ਵਰਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-1 ਕਰਕੇ ਮੈਚ ਆਪਣੇ ਨਾਂਅ ਕੀਤਾ। ਮੁੱਖ ਮਹਿਮਾਨ ਚਰਨਜੀਤ ਸਿੰਘ ਚੰਨੀ ਨੇ ਮੈਚ ਤੋਂ ਪਹਿਲਾਂ ਟੀਮਾਂ ਨਾਲ ਜਾਣ ਪਛਾਣ ਕੀਤੀ ਅਤੇ ਛੋਟੇ ਬੱਚਿਆਂ ਨਾਲ ਤਸਵੀਰ ਵੀ ਖਿਚਵਾਈ। ਫਾਇਨਲ ਮੈਚ ਤੋਂ ਪਹਿਲਾਂ ਗਿੱਧੇ ਅਤੇ ਭੰਗੜੇ ਦੀ ਸ਼ਾਂਨਦਾਰ ਪੇਸ਼ਕਾਰੀ ਕੀਤੀ ਗਈ। ਅੱਜ ਦੇ ਫਾਇਨਲ ਮੈਚ ਦੇ ਮੌਕੇ ਤੇ ਤਜਿੰਦਰ ਸਿੰਘ ਬਿੱਟੂ, ਮੇਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਐਲ.ਆਰ ਨਈਅਰ, ਲਖਵਿੰਦਰ ਪਾਲ ਸਿੰਘ ਖਹਿਰਾ, ਅਮਰੀਕ ਸਿੰਘ ਪੁਆਰ, ਕ੍ਰਿਪਾਲ ਸਿੰਘ ਮਠਾਰੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਰਾਮ ਪ੍ਰਤਾਪ, ਨਰਿੰਦਰਪਾਲ ਸਿੰਘ ਜੱਜ, ਰਣਬੀਰ ਸਿੰਘ ਰਾਣਾ ਟੁੱਟ, ਤਰਸੇਮ ਸਿੰਘ ਪੁਆਰ, ਸੁਖਵਿੰਦਰ ਸਿੰਘ ਲਾਲੀ, ਉਲੰਪੀਅਨ ਸੰਜੀਵ ਕੁਮਾਰ, ਕ੍ਰਿਪਾਲ ਸਿੰਘ ਮਠਾਰੂ, ਕੁਲਵਿੰਦਰ ਸਿੰਘ ਥਿਆੜਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
[highlight color=”red”]ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਦੌਰਾਨ ਮੁੱਖ ਮੰਤਰੀ ਚੰਨੀ ਤੇ ਕੈਬਿਨੇਟ ਮੰਤਰੀ ਪਰਗਟ ਸਿੰਘ ਨੇ ਖੇਡ ਭਾਵਨਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ[/highlight]
ਜਲੰਧਰ ਕੈਂਟ ਦੇ ਕਟੌਚ ਸਟੇਡੀਅਮ ਵਿਖੇ ਉਸ ਵੇਲੇ ਸ਼ਾਨਦਾਰ ਖੇਡ ਭਾਵਨਾ ਵੇਖਣ ਨੂੰ ਮਿਲੀ ਜਦੋਂ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਗੋਲਕੀਪਰ ਦੀ ਭੂਮਿਕਾ ਨਿਭਾਈ। ਫਾਈਨਲ ਮੈਚ ਦੌਰਾਨ ਮੁੱਖ ਮੰਤਰੀ ਚੰਨੀ, ਜੋ ਖੁਦ ਯੂਨੀਵਰਸਿਟੀ ਪੱਧਰ `ਤੇ ਹੈਂਡਬਾਲ ਖੇਡ ਚੁੱਕੇ ਹਨ, ਨੂੰ ਮੰਚ ਸੰਚਾਲਕ ਵੱਲੋਂ ਹਾਕੀ ਵਿੱਚ ਵੀ ਹੱਥ ਅਜ਼ਮਾਉਣ ਦੀ ਅਪੀਲ ਕੀਤੀ ਗਈ। ਸ਼੍ਰੀ ਚੰਨੀ ਨੇ ਵੀ ਉਨ੍ਹਾਂ ਦੀ ਅਪੀਲ ਦਾ ਹੁੰਗਾਰਾ ਭਰਦਿਆਂ ਦੇਰ ਨਾ ਕੀਤੀ ਅਤੇ ਗੋਲ ਰੋਕਣ ਲਈ ਗੋਲਕੀਪਰ ਦੀ ਵਰਦੀ ਪਾ ਮੈਦਾਨ ਵਿੱਚ ਜਾ ਡਟੇ। ਉਨ੍ਹਾਂ ਦੇ ਕੈਬਨਿਟ ਸਾਥੀ ਅਤੇ ਸਾਬਕਾ ਓਲੰਪੀਅਨ ਪਰਗਟ ਸਿੰਘ ਨੇ ਵੀ ਆਪਣੇ ਆਗੂ ਨਾਲ ਖੇਡ ਕਲਾ ਦਿਖਾਉਣ ਲਈ ਸਟਿੱਕ ਹੱਥ ਵਿਚ ਫੜ ਲਈ। ਜਦੋਂ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀ ਮੈਦਾਨ ਵਿੱਚ ਨਿੱਤਰੇ ਅਤੇ ਹਾਕੀ ਦੇ ਅਖਾੜੇ ਵਿੱਚ ਸ਼ਾਨਦਾਰ ਖੇਡ ਭਾਵਨਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਤਾਂ ਪੂਰੇ ਸਟੇਡੀਅਮ ਨੇ ਤਾੜੀਆਂ ਮਾਰਦੇ ਹੋਏ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਗੋਲਕੀਪਰ ਵਜੋਂ ਮੁੱਖ ਮੰਤਰੀ ਚੰਨੀ ਨੇ ਪਰਗਟ ਸਿਘ ਦੁਆਰਾ ਮਾਰੀਆਂ ਕੁੱਲ ਪੰਜ ਹਿੱਟਾਂ ਵਿੱਚੋਂ ਤਿੰਨ ਦਾ ਸ਼ਾਨਦਾਰ ਬਚਾਅ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਟੋਕੀਓ ਓਲੰਪਿਕ ਵਿੱਚ ਤਗਮੇ ਜਿੱਤਣ ਵਾਲੇ ਓਲੰਪੀਅਨਾਂ, ਜਿਨ੍ਹਾਂ ਵਿੱਚ ਮਨਦੀਪ ਸਿੰਘ, ਰੁਪਿੰਦਰਪਾਲ ਸਿੰਘਅਤੇ ਸ਼ਮਸ਼ੇਰ ਸਿੰਘ ਵਲੋਂ ਮਾਰੀਆਂ ਹਿੱਟਾਂ ਨੂੰ ਰੋਕ ਕੇ ਵੀ ਗੋਲ ਹੋਣ ਤੋਂ ਬਚਾਅ ਕੀਤਾ। ਸ਼੍ਰੀ ਚੰਨੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਦਾ ਇੱਕ ਖ਼ਾਸ ਦਿਨ ਹੈ ਕਿਉਂਕਿ ਉਨ੍ਹਾਂ ਦੀ ਖੇਡ ਜੀਵਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਖੇਡਾਂ ਹੀ ਇੱਕ ਅਜਿਹਾ ਜ਼ਰੀਆ ਹਨ ਜਿਸ ਰਾਹੀਂ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਉਸਾਰੂ ਪਾਸੇ ਵੱਲ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਸ਼੍ਰੀ ਚੰਨੀ ਨੇ ਅੱਗੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿ ਪੰਜਾਬ ਦੇ ਖਿਡਾਰੀ ਖੇਡਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਤਰ ਵਿੱਚ ਆਪਣੇ ਹੁਨਰ ਦਾ ਲੋਹਾ ਮਨਵਾਉਣ। ਇਸ ਦੌਰਾਨ ਮੁੱਖ ਮੰਤਰੀ ਨੇ ਖੇਡ ਮੈਦਾਨ ਵਿੱਚ ਬੱਚਿਆਂ ਨਾਲ ਵੀ ਖਾਸ ਪਲ ਬਿਤਾਏ ਅਤੇ ਕਿਹਾ ਕਿ ਇਹਨਾਂ ਦੇ ਖਿੜੇ ਹੋਏ ਚਿਹਰੇ ਮੇਰੇ ਲਈ ਪ੍ਰੇਰਨਾ ਦਾ ਸਰੋਤ ਹਨ।