ਜਲੰਧਰ (ਪ੍ਰੋਫੈਸਰ ਮਨਜੀਤ ਢੱਲ) : ਸੁਖਜੀਤ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੇ ਇੰਡੀਅਨ ਆਇਲ ਮੁੰਬਈ ਨੂੰ 5-3 ਦੇ ਫਰਕ ਨਾਲ ਹਰਾ ਕੇ ਅਤੇ ਲੀਗ ਦੌਰ ਵਿੱਚ 6 ਅੰਕ ਹਾਸਲ ਕਰਕੇ ਅਤੇ ਭਾਰਤੀ ਰੇਲਵੇ ਦਿੱਲੀ ਨੇ ਸੀਏਜੀ ਦਿੱਲੀ ਨੂੰ 1-0 ਦੇ ਫਰਕ ਨਾਲ ਹਰਾ ਕੇ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਲਿਆ। ਜਲੰਧਰ ਕੈਂਟ ਦੇ ਕਟੋਚ ਐਸਟਰੋਟਰਫ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੇ ਲੀਗ ਦੌਰ ਦੇ ਦੋ ਮੈਚ ਖੇਡੇ ਗਏ। ਪੂਲ ਡੀ ਵਿੱਚ ਭਾਰਤੀ ਰੇਲਵੇ ਦਿੱਲੀ ਅਤੇ ਸੀਏਜੀ ਦਿੱਲੀ ਦੀਆਂ ਟੀਮਾਂ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਦੇ 28ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਰਾਜੂ ਪਾਲ ਨੇ ਗੋਲ ਕਰਕੇ ਸਕੋਰ 1-0 ਕੀਤਾ। ਅੱਧੇ ਸਮੇਂ ਤੱਕ ਭਾਰਤੀ ਰੇਲਵੇ 1-0 ਨਾਲ ਅੱਗੇ ਸੀ। ਖੇਡ ਦੇ ਦੂਜੇ ਅੱਧ ਵਿੱਚ ਦੋਵੇਂ ਟੀਮਾਂ ਨੇ ਗੋਲ ਕਰਨ ਦੇ ਕਈ ਮੌਕੇ ਗਵਾਏ। ਭਾਰਤੀ ਰੇਲਵੇ ਨੇ ਲੀਗ ਦੌਰ ਵੱਚ ਲਗਾਤਾਰ ਦੂਜੀ ਜਿੱਤ ਦਰਜ ਕਰਕੇ 6 ਅੰਕ ਹਾਸਲ ਕਰਕੇ ਸੀਮੀਫਾਇਨਲ ਵਿੱਚ ਸਥਾਨ ਬਣਾਇਆ। ਇਸ ਤੋਂ ਪਹਿਲਾਂ ਭਾਰਤੀ ਰੇਲਵੇ ਨੇ ਸੀਆਰਪੀਐਫ ਨੂੰ ਵੀ ਮਾਤ ਦਿੱਤੀ ਸੀ। ਦੂਜਾ ਮੈਚ ਪੂਲ ਏ ਵਿੱਚ ਇੰਡੀਅਨ ਆਇਲ ਮੁੰਬਈ ਅਤੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਦਰਮਿਆਨ ਖੇਡਿਆ ਗਿਆ।
ਖੇਡ ਦੇ 6ਵੇਂ ਮਿੰਟ ਵਿੱਚ ਸੁਖਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। ਅਗਲੇ ਹੀ ਮਿੰਟ ਇੰਡੀਅਨ ਆਇਲ ਦੇ ਅਫਾਨ ਯੂਸਫ ਨੇ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ 11ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਅਰਮਾਨ ਕੁਰੇਸ਼ੀ ਨੇ ਮੈਦਾਨੀ ਗੋਲ ਕਰਕੇ ਸਕੋਰ 2-1 ਕੀਤਾ। ਖੇਡ ਦੇ 14ਵੇਂ ਮਿੰਟ ਇੰਡੀਅਨ ਆਇਲ ਦੇ ਅਫਾਨ ਯੂਸਫ ਨੇ ਗੋਲ ਕਰਕੇ ਸਕੋਰ 3-1 ਕੀਤਾ। ਖੇਡ ਦੇ 22ਵੇਂ ਮਿੰਟ ਵਿਚ ਬੈਂਕ ਦੇ ਭਗਤ ਸਿੰਘ ਢਿਲੋਂ ਨੇ ਪੈਨਲਟੀ ਕਾਰਨਰ ਰਾਂਹੀ ਗੋਲ ਕਰਕੇ ਸਕੋਰ 2-3 ਕੀਤਾ। ਖੇਡ ਦੇ 29ਵੇਂ ਮਿੰਟ ਵਿਚ ਬੈਂਕ ਦੇ ਸੁਖਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-3 ਦੀ ਬਰਾਬਰੀ ਤੇ ਲਿਆਂਦਾ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 3-3 ਦੀ ਬਰਾਬਰੀ ਤੇ ਸਨ। ਖੇਡ ਦੇ ਚੌਥੇ ਕਵਾਰਟਰ ਦੇ 48ਵੇਂ ਮਿੰਟ ਵਿੱਚ ਬੈਂਕ ਦੇ ਸੁਖਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 4-3 ਕੀਤਾ। ਖੇਡ ਦੇ 56ਵੇਂ ਮਿੰਟ ਵਿੱਚ ਬੈਂਕ ਦੇ ਭਗਤ ਸਿੰਘ ਢਿਲੋਂ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 5-3 ਕੀਤਾ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਸੁਖਦੇਵ ਸਿੰਘ (ਏਆਈਜੀ ਗਰੁੱਪ) ਅਤੇ ਚਰਨਜੀਤ ਸਿੰਘ ਚੰਨੀ (ਸੀਟੀ ਗਰੁੱਪ) ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਐਲ.ਆਰ ਨਈਅਰ, ਲਖਵਿੰਦਰ ਪਾਲ ਸਿੰਘ ਖਹਿਰਾ, ਅਮਰੀਕ ਸਿੰਘ ਪੁਆਰ, ਕ੍ਰਿਪਾਲ ਸਿੰਘ ਮਠਾਰੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਰਾਮ ਪ੍ਰਤਾਪ, ਨਰਿੰਦਰਪਾਲ ਸਿੰਘ ਜੱਜ, ਰਣਬੀਰ ਸਿੰਘ ਰਾਣਾ ਟੁੱਟ, ਤਰਸੇਮ ਸਿੰਘ ਪੁਆਰ, ਸੁਖਵਿੰਦਰ ਸਿੰਘ ਲਾਲੀ, ਕੁਲਵਿੰਦਰ ਸਿੰਘ ਥਿਆੜਾ, ਉਲੰਪੀਅਨ ਰਜਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
[highlight color=”red”]29 ਅਕਤੂਬਰ ਦੇ ਮੈਚ[/highlight]
- ਪੰਜਾਬ ਐਂਡ ਸਿੰਧ ਬੈਂਕ ਦਿੱਲੀ ਬਨਾਮ ਬੀਐਸਐਫ ਜਲੰਧਰ : ਦੁਪਹਿਰ 3:30 ਵਜੇ