ਜਲੰਧਰ (ਹਿਤੇਸ਼ ਸੂਰੀ) : ਬੀਤੇ ਦਿਨੀਂ ਇੱਕ ਅਜਿਹੀ ਸ਼ਖਸੀਅਤ ਨਾਲ ਗੱਲਬਾਤ ਦਾ ਮੌਕਾ ਮਿਲਿਆ ਜੋ ਸ਼ਖਸੀਅਤ ਅੱਜ ਤੱਕ ਮਿਲੀਆਂ ਵੱਡੀਆਂ-ਛੋਟੀਆਂ ਸ਼ਖਸੀਅਤਾਂ ਤੋ ਕੁਝ ਅਲਗ ਹੱਟ ਕੇ ਲਗੀ l ਇਸ ਸ਼ਖਸੀਅਤ ਦੀ ਪਹਿਚਾਣ ਸ਼੍ਰੀ ਹਰੀ ਕ੍ਰਿਸ਼ਨ ਧੀਰ ਨਿਵਾਸੀ ਕੋਟ ਮੁਹੱਲਾ ਬਸਤੀ ਸ਼ੇਖ, ਜਲੰਧਰ ਦੇ ਰੂਪ ਵਿੱਚ ਹੁੰਦੀ ਹੈ । ਸ਼੍ਰੀ ਧੀਰ ਵੱਲੋਂ ਨਿਊਜ਼ ਲਿੰਕਰਸ ਲਈ ਵੱਡੇ ਸਮਾਜਿਕ ਵਿਸ਼ਿਆਂ ‘ਤੇ ਲਿਖਿਆ ਮੰਨ ਛੂੰਹਦਾ ਲੇਖ, ਉਹਨਾਂ ਦੀ ਭਾਸ਼ਾ ‘ਚ ਹੂਬਹੂ ਪਾਠਕਾਂ ਨੂੰ ਭੇਂਟ ਕਰ ਰਿਹਾ ਹਾਂ ‼️
ਭੈਣੋਂ ਤੇ ਭਰਾਵੋਂ ! ਗਊ ਦਾਨ ਦੇ ਨਾਮ ‘ਤੇ ਮੰਗਣ ਵਾਲੇ ਪੇਸ਼ੇਵਰ ਠੱਗਾਂ ਨੂੰ ਰੋਟੀਆਂ ਦੇ ਕੇ ਇਨ੍ਹਾਂ ਵੇਹਲੜਾ ਨੂੰ ਸਮਾਜ ਨੂੰ ਲੁੱਟਣ ਦੇਣ ਦੀ ਆਦਤ ਨਾ ਪਾਓ। ਸਗੋਂ ਕਹੋ ਕਿ ਸਾਡੇ ਘਰਾਂ ਵਿੱਚ ਆਉਣਾ ਬੰਦ ਕਰੋਂ ਅਤੇ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰੋਂ । ਜਿਸ ਤਰ੍ਹਾਂ ਅਸੀਂ ਅਤੇ ਸਾਡੇ ਬੱਚੇ ਰਾਤ-ਦਿਨ ਮਿਹਨਤ ਕਰਕੇ ਖਾਂਦੇ ਹਾਂ। ਜਦਕਿ ਇਹ ਲੋਕ ਨਸ਼ੇਂ ਪੱਤੇ ਕਰਦੇ ਹਨ, ਕਿਸੇ ਗਊ ਨੂੰ ਇਕ ਰੋਟੀ ਵੀ ਨਹੀਂ ਪਾਉਂਦੇ। ਇਨ੍ਹਾਂ ਦੀਆਂ ਗਊਆਂ ਕੂੜੇ ਦੇ ਢੇਰਾਂ ‘ਤੇ ਛੱਡੀਆਂ ਹੋਈਆਂ ਹੁੰਦੀਆਂ ਹਨ। ਤੁਸੀਂ ਆਪਣੇ ਘਰਾਂ ਵਿੱਚ ਬਚੀਆਂ ਹੋਈਆਂ ਰੋਟੀਆਂ ਇਕ ਖੁੱਲ੍ਹੇ ਲਿਫਾਫੇ ਵਿਚ ਪਾਈ ਜਾਓ। ਦਸ ਪੰਦਰਾਂ ਦਿਨਾਂ ਬਾਅਦ ਕਿਸੇ ਵੀ ਕੂੜੇ ਦੇ ਢੇਰ ਤੇ ਫਿਰਦੀ ਗਊ ਦੇ ਅਗੇ ਲਿਫ਼ਾਫ਼ਾ ਰੱਖ ਦਿਉ ਜਾਂ ਫਿਰ ਬਚੀਆਂ ਹੋਈਆਂ ਰੋਟੀਆਂ ਕਬਾੜੀਆਂ ਦੀਆਂ ਦੁਕਾਨਾਂ ‘ਤੇ ਵੇਚ ਕੇ ਕਿਸੇ ਲੋੜਵੰਦ ਦੀ ਸਹਾਇਤਾ ਕਰ ਦਿਉ। ਤੁਹਾਨੂੰ ਆਪਣੇ ਮੁਹੱਲੇ ਵਿੱਚ ਹੀ ਬਹੁਤ ਸਾਰੇ ਗਰੀਬ ਮਿਲ ਜਾਣਗੇ। ਕਿਸੇ ਬੀਮਾਰ ਦੀ, ਬੱਚੇ ਦੇ ਫੀਸ ਦੀ , ਬੇਸਹਾਰਾ ਦੀ ਮਦਦ ਕਰੋ । ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਰੱਬ ਦੇ ਘਰੋਂ ਬਰਕਤਾਂ ਮਿਲਣਗੀਆਂ। ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਦਾਨ ਉਸ ਨੂੰ ਦਿਉਂ ਜੋ ਆਪਣੇ ਮੂੰਹੋਂ ਨਾ ਮੰਗਦਾ ਹੋਵੇ ਸਗੋਂ ਤੁਹਾਨੂੰ ਲੋੜਵੰਦ ਲੱਗਦਾ ਹੋਵੇ । ਹਰ ਮਹੀਨੇ ਸ਼ਹਿਰ ਵਿਚ ਤਕਰੀਬਨ ਵੀਹ, ਪੰਜੀ ਗਊਆਂ ਭੁੱਖ ਨਾਲ ਮਰ ਜਾਂਦੀਆਂ ਹਨ। ਕਿਉਂਕਿ ਰੋਟੀਆਂ ਤਾਂ ਇਹ ਮੰਗਤੇ ਵੇਚ ਕੇ ਨਸ਼ੇ ਪੱਤੇ ਕਰ ਜਾਂਦੇ ਹਨ ਅਤੇ ਗਊਆਂ ਨੂੰ ਕੁਝ ਨਹੀਂ ਮਿਲਦਾ। ਸਾਰੇ ਬੁੱਧੀਜੀਵੀਆਂ ਨੂੰ, ਧਾਰਮਿਕ ਅਸਥਾਨਾਂ ਦੇ ਮੁਖੀਆਂ ਨੂੰ, ਜਥੇਬੰਦੀਆਂ ਨੂੰ, ਐਨ.ਜੀ.ਓ. ਨੂੰ, ਪ੍ਰਸ਼ਾਸਨ ਨੂੰ ਅਤੇ ਸਾਰੀ ਜਨਤਾ ਨੂੰ ਬੇਨਤੀ ਹੈ ਕਿ ਇਸ ਸਮਾਜਿਕ ਬੁਰਾਈ ਨੂੰ ਰੋਕਿਆ ਜਾਵੇ ਅਤੇ ਭਗਵਾਨ ਵਾਲਮੀਕਿ ਮਹਾਰਾਜ, ਸਤਿਗੁਰੂ ਕਬੀਰ ਸਾਹਿਬ, ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਨਾਨਕ ਦੇਵ ਜੀ ਅਤੇ ਹੋਰ ਸਾਰੇ ਮਹਾਂਪੁਰਸ਼ਾਂ ਨੇ ਇਹ ਸਮਝਾਇਆ ਹੈ ਕਿ ਮਿਹਨਤ ਕਰਕੇ ਰੋਟੀ ਖਾਓ ਅਤੇ ਮੰਗਣ ਦੀ ਬੁਰਾਈ ਨੂੰ ਰੋਕੋਂ । ਆਓ ! ਅਸੀਂ ਉਨ੍ਹਾਂ ਦੇ ਹੁਕਮ ਨੂੰ ਕਬੂਲ ਕਰਦੇ ਹੋਏ ਸਮਾਜ ਦਾ ਭਲਾ ਕਰੀਏ ਜੀ।