
ਜਲੰਧਰ (ਹਿਤੇਸ਼ ਸੂਰੀ) : ਪੰਜਾਬ ਦੇ ਨਵੇਂ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵਲੋਂ ਸੂਬੇ ਅੰਦਰ ਜਲਦ ਹੀ ਸਿਹਤ ਪਾਲਿਸੀ ਲਿਆਂਦੀ ਜਾਵੇੇਗੀ ਜਿਸ ਨਾਲ ਸਿਹਤ ਸਹੂਲਤਾਂ ਵਿੱਚ ਵੱਡੇ ਸੁਧਾਰ ਹੋਣ ਨਾਲ ਆਮ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ । ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕਰਦਿਆਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ‘ਆਪ’ ਦੀ ਸਰਕਾਰ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਵੱਡੇ ਪੱਧਰ ’ਤੇ ਸੁਧਾਰ ਲਿਆਉਣ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਅਤੇ ਸਿਹਤ ਪਾਲਿਸੀ ਲਿਆਉਣ ਦੇ ਮੱਦੇਨਜ਼ਰ ਉਹਨਾਂ ਵਲੋਂ ਸਿਵਲ ਹਸਪਤਾਲਾਂ ਅਤੇ ਸਬ-ਡਵੀਜ਼ਨ ਪੱਧਰ ਤੇ ਹਸਪਤਾਲਾਂ ਆਦਿ ਦਾ ਦੌਰਾ ਕਰਕੇ ਜ਼ਮੀਨੀ ਹਕੀਕਤਾਂ ਜਾਣੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਦੀ ਸਹੂਲਤ ਅਨੁਸਾਰ ਅਗਲੇ ਕਦਮ ਚੁੱਕੇ ਜਾਣ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਕਾਰਵਾਈ ਆਰੰਭ ਕੀਤੀ ਗਈ ਹੈ । ਇਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਪ੍ਰਤੱਖ ਦਿਖਾਈ ਦੇਣਗੇ। ਪੰਜਾਬ ਵਿੱਚ ਕੈਂਸਰ ਦੇ ਇਲਾਜ ਅਤੇ ਡਾਇਲਸਿਸ ਸਹੂਲਤ ਦੀ ਗੱਲ ਕਰਦਿਆਂ ਸ਼੍ਰੀ ਜੌੜਾਮਾਜਰਾ ਨੇ ਕਿਹਾ ਕਿ ਸੂਬੇ ਅੰਦਰ ਹੋਰ ਕੈਂਸਰ ਹਸਪਤਾਲ ਬਣਾੳ¹ਣ ਅਤੇ ਡਾਇਲਸਿਸ ਯੂਨਿਟ ਸਥਾਪਿਤ ਕਰਨ ਦੀ ਬੇਹੱਦ ਲੋੜ ਹੈ । ਜਿਸ ਨੂੰ ਲੈ ਕੇ ਸਿਹਤ ਵਿਭਾਗ ਵਲੋਂ ਸਾਰਥਕ ਕਦਮ ਚੁੱਕੇ ਜਾ ਰਹੇ ਹਨ। ਪ੍ਰਸਤਾਵਿਤ ਮੁਹੱਲਾ ਕਲੀਨਿਕਾਂ ਦੀ ਗੱਲ ਕਰਦਿਆਂ ਉਹਨਾਂ ਨੇ ਦੱਸਿਆ ਕਿ ਸਿਹਤ ਸੁਧਾਰਾਂ ਦੇ ਖੇਤਰ ਵਿੱਚ ਚੰਗੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਥੋੜ੍ਹੇ ਜਿਹੇ ਇੰਤਜ਼ਾਰ ਪਿੱਛੋਂ ਸੂਬਾ ਵਾਸੀਆਂ ਨੂੰ ਬਹੁਤ ਹੀ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਹੋਣਗੀਆਂ । ਸ਼੍ਰੀ ਜੌੜਾਮਾਜਰਾ ਨੇ ਸਿਵਲ ਹਸਪਤਾਲ ਦਾ ਦੌਰਾ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਦੇ ਨਾਲ-ਨਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਹੋਰਨਾਂ ਕਮੀਆਂ-ਪੇਸ਼ੀਆਂ ਨੂੰ ਵੀ ਦੂਰ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਉਹਨਾਂ ਵਲੋਂ ਸੂਬੇ ਦੇ ਸਮੂਹ ਸਿਵਲ ਸਰਜਨਾਂ ਨਾਲ ਮੀਟਿੰਗ ਕਰਕੇ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਇਸ ਸਬੰਧੀ ਲੋੜੀਂਦੇ ਫੰਡ ਵੀ ਮੁਹੱਈਆ ਕਰਵਾਏ ਜਾਣਗੇ । ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਦੇ ਦੌਰਿਆਂ ਦੌਰਾਨ ਉਹ ਮਰੀਜ਼ਾਂ ਨਾਲ ਵੀ ਗੱਲਬਾਤ ਕਰ ਰਹੇ ਹਨ ਤਾਂ ਜੋ ਲੋੜੀਂਦੇ ਸੁਧਾਰਾਂ ਨੂੰ ਸੁਚੱਜੇ ਢੰਗ ਨਾਲ ਅਮਲ ਵਿੱਚ ਲਿਆਂਦਾ ਜਾਵੇ । ਇਸ ਤੋਂ ਪਹਿਲਾਂ ਸਿਹਤ ਮੰਤਰੀ ਜੌੜਾਮਾਜਰਾ ਨੂੰ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਸਥਾਨਕ ਸਰਕਟ ਹਾਊਸ ਵਿਖੇ ਗਾਰਡ ਆਫ਼ ਆਨਰ ਦਿੱਤਾ ਗਿਆ ਜਿੱਥੇ ਵੱਖ-ਵੱਖ ਸਿਆਸੀ ਆਗੂਆਂ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਵੀ ਕੀਤਾ ਗਿਆ । ਇਸ ਮੌਕੇ ਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਵਧੀਕ ਡੀਸੀਪੀ-1 ਸੁਹੈਲ ਮੀਰ, ਆਪ ਵਿਧਾਇਕ ਇੰਦਰਜੀਤ ਕੌਰ ਮਾਨ, ਆਪ ਆਗੂ ਆਤਮ ਪ੍ਰਕਾਸ਼ ਬੱਬਲੂ, ਆਪ ਦੀ ਪੰਜਾਬ ਸਕੱਤਰ ਰਾਜਵਿੰਦਰ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।